17th July 2023
0 Comment(s)
0 View(s)
ਸਰਬੱਤ ਖਾਲਸਾ ਰਾਹੀਂ ਧਾਰਮਕ ਖੁਦ-ਮੁਖਤਿਆਰੀ ਪ੍ਰਾਥਮਿਕਤਾ ਹੋਵੇ
ਅਜੋਕਾ ਸਮਾਂ ਸਤਾਰ੍ਹਵੀਂ ਸਦੀ ਦੇ ਗੁਰੂ ਸਾਹਿਬਾਨ ਦੇ ਇਤਿਹਾਸ ਤੋਂ ਸੇਧ ਲੈਣ ਦੀ ਮੰਗ ਕਰਦਾ ਹੈ। ਲੋੜ ਹੈ ਪੰਚ-ਪ੍ਰਧਾਨੀ ਨੂੰ ਰੂਪਮਾਨ ਕਰਦੀ ਸੰਸਥਾ ਸੁਰਜੀਤ ਕਰਨ ਦੀ, ਜੋ ਕਿਸੇ ਸਥਾਨ ਨਾਲ ਬੱਝੀ ਨਾ ਹੋਵੇ, ਤਾਂਕਿ ਰਾਜਸੀ-ਪੂਜਾਰੀ ਗਠਜੋੜ ਉਸਤੇ ਕਾਬਜ਼ ਨਾ ਹੋ ਸਕੇ।
ਰਾਜਸੀ ਦਖਲਅੰਦਾਜੀ ਕਾਰਨ ਸਿੱਖ ਸੰਸਥਾਵਾਂ ਵਿਚ ਆਏ ਨਿਘਾਰ ਤੋਂ ਹਰ ਸੰਜੀਦਾ ਸਿੱਖ ਚਿੰਤਤ ਹੈ। ਇਸ ਸਮੇਂ ਹਰ ਸਿੱਖ ਕਾਰਕੁਨ ਦੇ ਚਿੰਤਨ, ਸਰਗਰਮੀ ਅਤੇ ਸੰਘਰਸ਼ ਦਾ ਮੁੱਖ ਉਦੇਸ਼ ਸਿੱਖ ਸੰਸਥਾਂਵਾਂ ਨੂੰ ਰਾਜਸੀ ਗਲਬੇ ਤੋਂ ਆਜ਼ਾਦ ਕਰਵਾਉਣਾ ਹੋਣਾ ਚਾਹੀਦਾ ਹੈ। ਨਵੰਬਰ 2015 ਨੂੰ ਜਦ ਚੱਬੇ ਦੀ ਧਰਤੀ ਤੇ ਵਿਸ਼ਾਲ ਇਕੱਠ ਹੋਇਆ ਜਿਸਨੂੰ ਸਰਬੱਤ ਖਾਲਸੇ ਦਾ ਨਾਂ ਦਿੱਤਾ ਗਿਆ, ਤਾਂ ਸੰਗਤ ਬਹੁਤ ਆਸਵੰਦ ਸੀ। ਇਹ ਵਿਸ਼ਾਲ ਇਕੱਠ ਗੁਰੂ ਘਰਾਂ ਦਾ ਪ੍ਰਬੰਧ ਸਿਆਸੀ ਹਾਕਮਾਂ ਦੇ ਗਲਬੇ ਤੋਂ ਅਜ਼ਾਦ ਕਰਵਾਉਣ ਦੀ ਪ੍ਰਬਲ ਇੱਛਾ ਦਾ ਨਤੀਜਾ ਹੀ ਸੀ। ਇਸਦੇ ਮਤਿਆਂ ਨੂੰ ਸਿਰੇ ਚਾੜਣ ਵਾਸਤੇ ਜਿਹੜੇ ਕਾਰਜਕਾਰੀ ਜਥੇਦਾਰ ਚੁਣੇ ਗਏ ਸਨ ਉਹ ਪੂਰੀ ਤਰਾਂ ਇਸਤੋਂ ਭਗੋੜੇ ਹੋ ਗਏ। ਕੁਝ ਸਿੱਖ ਕਾਰਕੁਨਾ ਨੇ ਆਪਣੇ ਵਲੋਂ ਕੋਸ਼ਿਸ਼ ਕੀਤੀ। ਜਿਸ ਵਿਚੋਂ 'ਫ੍ਰੀ ਅਕਾਲ ਤੱਖਤ’ freeakaltakht.org ਦੀ ਟੀਮ ਨੇ ਵੱਖ-ਵੱਖ ਸਿੱਖ ਜਥੇਬੰਦੀਆਂ ਨਾਲ ਵਿਚਾਰ ਚਰਚਾ ਕਰਕੇ ਖਰੜਾ ਤਿਆਰ ਕੀਤਾ ਸੀ।
ਇਸ ਅਤਿ ਜ਼ਰੂਰੀ ਉਦੇਸ਼ ਨੂੰ ਮੁਖ ਰੱਖਕੇ 'ਪੰਥ ਸੇਵਕ' ਜਥੇ ਨੇ ੨੮ ਜੂਨ ਨੂੰ 'ਵਿਸ਼ਵ ਸਿੱਖ ਇਕਤਰਤਾ' ਸੱਦੀ ਸੀ। ਚੰਗਾ ਹੁੰਦਾ ਜੇ ਪਹਿਲਾਂ ਤੋਂ ਚਲੇ ਆ ਰਹੇ ਉੱਧਮ ਨੂੰ ਅਗੇ ਵਧਾਇਆ ਜਾਂਦਾ। ਜੇਕਰ ਪੂਰੀ ਤਰਾਂ ਨਵੇਂ ਸਿਰਿਉਂ ਕਾਰਜ ਅਰੰਭਨਾ ਸੀ ਤਾਂ 'ਫ੍ਰੀ ਅਕਾਲ ਤੱਖਤ’ ਦੀਆਂ ਸਿਧਾਂਤਕ ਕਮੀਆਂ ਜ਼ਰੂਰ ਦੱਸੀਆਂ ਜਾਂਦੀਆਂ ਜਿਹਨਾ ਕਰਕੇ ਇਸ ਉਪਰਾਲੇ ਨਾਲ ਜੁੜਿਆ ਨਹੀਂ ਸੀ ਜਾ ਸਕਦਾ। ਜਿਸ ਤਰਾਂ ਦੁਨਿਆਵੀ ਗਰਜਾਂ ਕਾਰਨ ਇੱਕ ਰਾਜਸੀ ਪਾਰਟੀ ਵਿੱਚੋਂ ਕਈ ਦਲ ਬਣਕੇ ਦਲ-ਦਲ ਬਣ ਜਾਂਦੀ ਹੈ, ਕਿਤੇ ਸਿੱਖ ਸੰਸਥਾਂਵਾਂ ਨੂੰ ਆਜ਼ਾਦ ਕਰਾਉਣ ਦੇ ਨਾਂ ਹੇਠ ਵੀ ਕਈ ਜੱਥੇ ਨਾ ਬਣ ਜਾਣ। ਐਸੇ ਵਿਚ ਹਰ ਜੱਥਾ ਖੁਦ ਨੂੰ ‘ਤੱਤ-ਗੁਰਮਤਿ’ ਦਾ ਧਾਰਨੀ ਦੱਸੇਗਾ।
ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਇਸ ਸਮਾਗਮ ਨੂੰ "ਵਿਸ਼ਵ ਸਿੱਖ ਇਕਤਰਤਾ ਵਿਚ ੧੦੦ ਸਾਲ ਬਾਅਦ ਹੋਈ ਗੁਰਮਤੇ ਦੀ ਵਾਪਸੀ" ਦੇ ਸਿਰਲੇਖ ਹੇਠ ਪਰਚਾਰਿਆ ਗਿਆ। ਪਰ ਅਫ਼ਸੋਸ ਤਥਾਕਥਿਤ ਗੁਰਮਤੇ ਨੇ ਪਹਿਲਾਂ ਤੋਂ ਪਏ ਭੰਬਲ-ਭੂਸੇ ਨੂੰ ਹੋਰ ਵਧਾ ਦਿੱਤਾ।
ਪਹਿਲਾਂ ਤੋਂ ਨਿਰਧਾਰਤ ਮਤੇ ਨੂੰ ਗੁਰਮਤਾ ਕਿਹਾ ਗਿਆ
ਭਾਈ ਸਤਨਾਮ ਸਿੰਘ ਖੰਡਾ ਨੇ ‘ਗੁਰਮਤਾ’ ਪੜ੍ਹਨ ਤੋਂ ਪਹਿਲਾਂ ਜੋ ਭੂਮੀਕਾ ਦਿੱਤੀ ਉਹ ਇਸ ਤਰਾਂ ਸੀ:
"ਪੰਜ ਪਿਆਰੇ ਸਿੰਘ ਸਾਹਿਬਾਨ ਨੇ ਸਾਨੂੰ ਹੁਕਮ ਕੀਤਾ ਕਿ ਜੋ ਗੁਰਮਤਾ ਅੱਜ ਤਿਆਰ ਕੀਤਾ ਗਿਆ ਹੈ ਉਹ ਤੁਹਾਡੇ ਵਿਚਾਰਾਂ ਨੂੰ ਇਕੱਤਰ ਕਰਕੇ, ਤੁਹਾਡੇ ਵਿਚਾਰਾਂ ਦੇ ਵਿਚੋਂ ਲਫਜ਼ ਜਿਹੜੇ ਨੇ ਉਹ ਇਹਨਾ ਨੇ ਘੋਖ ਕੇ ਜੋ ਸਿੱਟਾ ਕਢਿਆ ਹੈ, ਉਹ ਤੁਹਾਡੇ ਸਾਹਮਣੇ ਤੁਹਾਡੀ ਸੇਵਾ ਵਿਚ ਹਾਜ਼ਰ ਕਰਨ ਜਾ ਰਹੇ ਹਾਂ..."
ਪਰ ਜੋ 'ਗੁਰਮਤਾ' ਪੜਿਆ ਗਿਆ, ਉਸ ਦੀ ਰੂਪ ਰੇਖਾ @PanthSewak_ ਵੱਲੋਂ 6 ਮਾਰਚ, 2023 ਨੂੰ ਹੋਲਾ ਮਹੱਲਾ ਦੇ ਮੌਕੇ ਉੱਤੇ ਪ੍ਰਕਾਸ਼ਿਤ ਕੀਤੇ 4 ਪੰਨੇ ਦੇ ਦਸਤਾਵੇਜ਼ ਵਿਚ ਹੀ ਮਿਲ ਜਾਂਦੀ ਹੈ। ਇਸਦਾ ਸਿਰਲੇਖ ਸੀ- "ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਅਤੇ ਗੁਰਮਤੇ ਦੀ ਬਹਾਲੀ ਕਿਵੇਂ ਹੋਵੇ?"
"੧੦੦ ਸਾਲ ਬਾਅਦ ਹੋਈ ਗੁਰਮਤੇ ਦੀ ਵਾਪਸੀ" ਦਾ ਦਾਅਵਾ ਕਰਨ ਤੋਂ ਪਹਿਲਾਂ ਦਸਣਾ ਚਾਹੀਦਾ ਸੀ ਕਿ ਉਹਨਾ "ਵਿਚਾਰਾਂ ਨੂੰ ਇਕੱਤਰ ਕਰਕੇ" ਗੁਰਮਤੇ ਦਾ ਰੂਪ ਦੇਣ ਦੀ ਕਿਹੜੀ ਵਿਧੀ ਅਪਣਾਈ ਹੈ। ਪਹਿਲਾਂ ਤੋਂ ਤਿਆਰ ਮਤੇ ਨੂੰ ਹੀ ਗੁਰਮਤਾ ਕਹਿ ਦੇਣਾ, ਇਹ ਵਿਧੀ ਤਾਂ ਚਲ ਹੀ ਰਹੀ ਸੀ। 'ਗੁਰਮਤੇ' ਵਿਚ ਐਸਾ ਕੁਛ ਨਹੀਂ ਸੀ ਜੋ 6 ਮਾਰਚ ਵਾਲੇ ਦਸਤਾਵੇਜ਼ ਤੋਂ ਅੱਗੇ ਹੋਵੇ। ਕਿ 6 ਮਾਰਚ ਤੋਂ ਲੈਕੇ 28 ਜੂਨ ਤਕ ਪੰਥ ਸੇਵਕ ਜਥੇ ਵਲੋਂ ਜਗਾ-ਜਗਾ ਵਿਚਾਰ ਵਟਾਂਦਰੇ ਕਰਨ ਦੇ ਬਾਵਜੂਦ ਕੋਈ ਨਵਾਂ ਵਿਚਾਰ ਸਾਹਮਣੇ ਨਾ ਆਇਆ? ਜਾਂ ਹੋਰ ਵਿਚਾਰਾਂ ਨੂੰ ਜਗਾ ਨਾ ਮਿਲ ਪਾਈ? ਹੋਰ ਵਿਚਾਰ ਨਾ ਆਏ ਹੋਣ, ਇਹ ਹੋ ਨਹੀਂ ਸਕਦਾ, ਖਾਸਕਰ ਉਦੋਂ ਜਦ 'ਫ੍ਰੀ ਅਕਾਲ ਤੱਖਤ’ ਦੇ ਸੁਝਾਅ ਅਤੇ ਖਰੜਾ ਉਪਲਬਦ ਸੀ। ਮੈਂ ਵੀ 4 ਪੰਨੇ ਦੇ ਦਸਤਾਵੇਜ਼ ਬਾਬਤ ਆਪਣੇ ਅਲੋਚਨਾਤਮਕ ਵਿਚਾਰ 7 ਅਪ੍ਰੈਲ ਨੂੰ ਭਾਈ ਦਲਜੀਤ ਸਿੰਘ ਬਿੱਟੂ ਨੂੰ ਫੋਨ ਕਰਕੇ ਦੱਸੇ ਸਨ। ਹੋਰਾਂ ਨੇ ਵੀ ਵੱਖ ਵਿਚਾਰ ਜ਼ਰੂਰ ਦਿੱਤੇ ਹੋਣਗੇ। ਪਰ "ਇਹਨਾ ਨੇ ਘੋਖ ਕੇ ਜੋ ਸਿੱਟਾ ਕਢਿਆ ਹੈ," ਉਸ ਵਿੱਚ ਸ਼ਾਮਲ ਨਾ ਹੋ ਪਾਏ।
ਇਸ 'ਗੁਰਮਤੇ' ਦੀ ਦਿਸ਼ਾ ਅਤੇ ਸ਼ਬਦਾਵਲੀ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਸ ਨੂੰ ਲਿਖਣ ਵਿਚ ਸਭ ਤੋਂ ਵਧ ਪ੍ਰਭਾਵ ਭਾਈ ਮਨਧੀਰ ਸਿੰਘ ਦਾ ਰਿਹਾ ਹੋਵੇਗਾ। ਉਹ ਅਕਸਰ ਆਪਣੇ ਪ੍ਰਭਾਵਸ਼ਾਲੀ ਲੈਕਚਰਾਂ ਰਾਹੀਂ ਸਤਾਰ੍ਹਵੀਂ ਸਦੀ ਦੇ ਗੁਰੂ ਕਾਲ ਤੋਂ ਸੇਧ ਲੈਣ ਦੀ ਜਗਾ ਅਠਾਰਵੀਂ ਸਦੀ ਦੇ ਮਿਸਲ ਕਾਲ ਵਿਚੋਂ ਸੰਪੂਰਨਤਾ ਦੇ ਅੰਸ਼ ਲਭ ਰਹੇ ਹੁੰਦੇ ਹਨ। ਇਸ ਮਤੇ ਦਾ ਸ਼ਾਇਦ ਹੀ ਕੋਈ ਐਸਾ ਨੁਕਤਾ ਹੋਵੇ ਜਿਸਦਾ ਜ਼ਿਕਰ ਭਾਈ ਮਨਧੀਰ ਸਿੰਘ ਨੇ ਆਪਣੇ ਕਿਸੇ ਨਾ ਕਿਸੇ ਲੈਕਚਰ ਵਿਚ ਨਾ ਕੀਤਾ ਹੋਵੇ। ਕਹਿਣ ਤੋਂ ਭਾਵ "ਤੁਹਾਡੇ ਵਿਚਾਰਾਂ ਨੂੰ ਇਕੱਤਰ" ਕਰਨ ਦਾ ਬਿਆਨ ਗਲਤ ਬਿਆਨੀ ਸੀ, ਇਹ ਮਤਾ ਪੰਥ ਸੇਵਕ ਜਥੇ ਨਾਲ ਸਬੰਧਤ ਗਿਣਤੀ ਦੀ ਸ਼ਖਸੀਅਤਾਂ ਦੇ ਵਿਚਾਰਾਂ ਜਾਂ ਮਨੌਤਾਂ ਦੀ ਤਰਜਮਾਨੀ ਕਰਦਾ ਹੈ।
ਗੁਰਮਤਿ ਤੋਂ ਦੂਰ 'ਗੁਰਮਤਾ'
6 ਮਾਰਚ ਨੂੰ ਪ੍ਰਕਾਸ਼ਿਤ ਕੀਤੇ ਦਸਤਾਵੇਜ਼ ਵਿਚ ਗੁਰਬਾਣੀ ਦਾ ਤਾਂ ਕੋਈ ਹਵਾਲਾ ਨਹੀਂ ਸੀ, ਕੇਵਲ ਇੱਕ ਹਵਾਲਾ ਸੀ ਜੋ ਸੰਤ ਅਤਰ ਸਿੰਘ ਜੀ ਦੇ ਨਾਮ ਤੇ ਦੱਸਿਆ ਗਿਆ, ਜੋ ਇਸ ਤਰਾਂ ਹੈ:
ਸੰਤ ਅਤਰ ਸਿੰਘ ਜੀ ਦੇ ਬਚਨ ਹਨ ਕਿ "ਪੰਜ ਸੌ ਸਿੱਖਾਂ ਦਾ ਨਿਸ਼ਕਾਮ ਜਥਾ, ਜੋ ਤਨਖਾਹ ਨਾ ਲੈਂਦਾ ਹੋਵੇ, ਗੁਰੂ ਕੇ ਲੰਗਰਾਂ ਵਿਚੋਂ ਪ੍ਰਸ਼ਾਦੇ ਅਤੇ ਸਿਰੋਪਾਓ 'ਤੇ ਗੁਜ਼ਾਰਾ ਕਰਦਾ ਹੋਵੇ, ਉਹ ਸੇਵਾ ਸੰਭਾਲੇ ਤਾਂ ਹੀ ਗੁਰੂ ਆਸ਼ਾ ਪੂਰਾ ਹੋ ਸਕਦਾ ਹੈ।"
੨੮ ਜੂਨ ਵਾਲੇ 'ਗੁਰਮਤੇ' ਵਿਚ "ਨਿਸ਼ਕਾਮ ਅਤੇ ਖੁਦ-ਮੁਖਤਿਆਰ ਜਥਾ" ਸਿਰਜਨ ਦਾ ਉਦੇਸ਼ ਬਹੁਤ ਉਤਮ ਹੈ ਪਰ ਇਸ ਲਈ ਜਿਸ "ਅਕਾਲੀ ਜਥੇ" ਦਾ ਚਿੱਤਰਣ ਕੀਤਾ ਗਿਆ ਹੈ ਉਹ ਉਪਰੋਤਕ ਬਚਨ ਦੀ ਵਿਆਖਿਆ ਹੀ ਹੈ। ਇਸ ਬਚਨ ਨੂੰ ਪੜਦੇ ਸਾਰ ਮੇਰਾ ਧਿਆਨ ਦੋ ਉਪਦੇਸ਼ਾਂ ਤੇ ਗਿਆ। ਇੱਕ ਜੋ ਮਹਾਤਮਾ ਬੁਧ ਨੇ ਆਪਣੇ ਦੋਣ ਨਾਮਕ ਉਪਾਸਕ ਨੂੰ ਦਿੱਤਾ ਸੀ ਅਤੇ ਦੂਜਾ ਜੋ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਦਿੱਤਾ ਹੈ:
ਮਹਾਤਮਾ ਬੁਧ ਦਾ ਉਪਦੇਸ਼:
“ਅਤੇ ਧੰਮ ਕੀ ਹੈ, ਦੋਣ? ਹਲ ਵਾਹੁਣ ਵਾਲੇ ਦੇ ਰੂਪ ਵਿੱਚ ਕਦੇ ਨਹੀਂ, ਨਾ ਵਪਾਰੀ ਦੇ ਰੂਪ ਵਿੱਚ, ਨਾ ਚਰਵਾਹੇ ਦੇ ਰੂਪ ਵਿੱਚ, ਨਾ ਹੀ ਰਾਜੇ ਦੇ ਆਦਮੀ ਦੇ ਰੂਪ ਵਿੱਚ, ਨਾ ਹੀ ਕਿਸੇ ਕਾਰੀਗਰੀ ਤੋਂ (ਆਪਣੀ ਰੋਜ਼ੀ-ਰੋਟੀ ਕਮਾਉਣ ਲਈ), ਬਲਕਿ ਕੇਵਲ ਭਿਖਿਆ ਤੋਂ, ਭਿਖਾਰੀ ਦੇ ਕਟੋਰੇ ਦਾ ਤਿਰਸਕਾਰ ਨਹੀਂ ਕਰਦੇ।
ਅਤੇ ਉਹ ਤਾਲੀਮ ਲਈ ਅਧਿਆਪਕ ਨੂੰ ਦਕਸ਼ਿਨਾ ਸੌਂਪਦਾ ਹੈ, ਆਪਣੀ ਦਾੜ੍ਹੀ ਮੁਨਾਉਂਦਾ ਹੈ, ਪੀਲੇ ਕੱਪੜੇ ਪਹਿਨਦਾ ਹੈ, ਅਤੇ ਗ੍ਰਹਿ ਤੋਂ ਗ੍ਰਹਿ-ਤਿਆਗ ਦੇ ਜੀਵਨ ਵੱਲ ਚਲੇ ਜਾਂਦਾ ਹੈ।" (ਡਾ: ਅੰਬੇਡਕਰ, ਬੁੱਧ ਐਂਡ ਹਿਜ਼ ਧੰਮ, ਖੰਡ ਛੇਵਾਂ, ਭਾਗ 2.7)
ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼:
ਗਿਆਨ ਵਿਹੂਣਾ ਗਾਵੈ ਗੀਤ॥ ਭੁਖੇ ਮੁਲਾਂ ਘਰੇ ਮਸੀਤਿ॥
ਮਖਟੂ ਹੋਇ ਕੈ ਕੰਨ ਪੜਾਏ॥ ਫਕਰੁ ਕਰੇ ਹੋਰੁ ਜਾਤਿ ਗਵਾਏ॥
ਗੁਰੁ ਪੀਰੁ ਸਦਾਏ ਮੰਗਣ ਜਾਇ॥ ਤਾ ਕੈ ਮੂਲਿ ਨ ਲਗੀਐ ਪਾਇ॥
ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ (ਗੁਰੂ ਗ੍ਰੰਥ ਸਾਹਿਬ, ਮਹਲਾ ੧, ਅੰਗ 1245)
28 ਜੂਨ ਵਾਲਾ 'ਗੁਰਮਤਾ' ਨਿਰਸੰਦੇਹ "ਨਾਨਕ ਰਾਹੁ ਪਛਾਣਹਿ ਸੇਇ" ਵਾਲੇ ਕਿਰਤੀ ਤੇ ਗ੍ਰਹਿਸਥੀ ਗੁਰਸਿੱਖਾਂ ਨੂੰ ਦੂਰ ਕਰੇਗਾ ਅਤੇ ਕੇਸਾਧਾਰੀ ਭਿਖਸ਼ੂਆਂ ਸਮਾਨ "ਮਖਟੂ" ਲੋਕਾਂ ਨੂੰ ਤਖਤਾਂ ਤੇ ਕਾਬਜ਼ ਕਰ ਦੇਵੇਗਾ। ਜਿਸ ਤਰਾਂ ਬੁਧ ਨੇ ਉਪਾਸਕ ਅਤੇ ਭਿਖਸ਼ੂ ਵਿਚ ਉੱਚਤਾ ਦਾ ਭੇਦ ਰੱਖਿਆ ਸੀ, ਉਸੇ ਤਰਾਂ ਇਹ 'ਗੁਰਮਤਾ' ਮਰਦ ਪ੍ਰਧਾਨ 'ਅਕਾਲੀ ਜਥੇ' ਨੂੰ ਕਿਰਤੀ ਗ੍ਰਹਿਸਥੀਆਂ ਤੋਂ ਸ੍ਰੇਸ਼ਠ ਸਥਾਪਤ ਕਰੇਗਾ ਜੋ ਸਿੱਖਾਂ ਵਿਚ ਬ੍ਰਾਹਮਣਵਾਦ ਅਤੇ ਪੂਜਾਰੀਵਾਦ ਨੂੰ ਨਵੇਂ ਰੂਪ ਵਿੱਚ ਹੋਰ ਮਜ਼ਬੂਤ ਕਰੇਗਾ।
ਇਹ 'ਗੁਰਮਤਾ' ਇੱਕ ਤਾਂ ਗਿਣਤੀ ਦੇ ਸਿੱਖਾਂ ਦੀ ਸੰਪਰਦਾਈ ਮਨੌਤਾਂ ਤੇ ਅਧਾਰਤ ਹੈ, ਦੂਜਾ ਗੁਰਮਤਿ ਤੋਂ ਕੋਹਾਂ ਦੂਰ ਹੈ। ਨਿਰਭਉ ਨਿਰਵੈਰ ਦੇ ਗੁਣਾਂ ਵਾਲਾ ਨਿਸ਼ਕਾਮ ਅਤੇ ਖੁਦ-ਮੁਖਤਿਆਰ ਜਥਾ ਹਰ ਹਾਲਤ ਵਿਚ "ਨਾਨਕ ਰਾਹੁ ਪਛਾਣਹਿ ਸੇਇ" ਵਾਲਾ ਹੀ ਹੋਣਾ ਚਾਹੀਦਾ ਹੈ।
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥ (ਗੁਰੂ ਗ੍ਰੰਥ ਸਾਹਿਬ, ਮਹਲਾ ੫, ਅੰਗ 522)
ਭਾਈ ਅਜਮੇਰ ਸਿੰਘ ਦੀ ਵਿਰੋਧਤਾ
ਭਾਈ ਅਜਮੇਰ ਸਿੰਘ ਨੇ ਪੰਥ ਸੇਵਕ ਜਥੇ ਦੇ ਉਧਮ ਨੂੰ ਇਹ ਕਹਿ ਕੇ ਨਕਾਰ ਦਿੱਤਾ ਕਿ "ਸਿੱਖ ਕੌਮ ਦੇ ਗੁਲਾਮ ਹੁੰਦਿਆਂ, ਕੀ ਅਕਾਲ ਤਖਤ ਸਾਹਿਬ ਆਜ਼ਾਦ ਹੋ ਸਕਦਾ ਹੈ?" ਭਾਵ ਜਦ ਤਕ ਸਿੱਖ ਰਾਜਨੀਤਕ ਤੋਰ ਤੇ ਗੁਲਾਮ ਹਨ, ਸਿੱਖਾਂ ਵਲੋਂ ਗੁਰੂ ਘਰਾਂ ਨੂੰ ਆਜ਼ਾਦ ਕਰਨ ਦੇ ਯਤਨ ਵਿਅਰਥ ਹਨ। ਇਸ ਤੋਂ ਇਹ ਵੀ ਭਾਵ ਜਾਂਦਾ ਹੈ ਕਿ ਜਦ ਸਿੱਖਾਂ ਦਾ ਆਪਣਾ ਰਾਜ ਆ ਜਾਵੇਗਾ ਤਾਂ ਗੁਰੂ ਘਰ ਵੀ ਆਜ਼ਾਦ ਹੋ ਜਾਣਗੇ।
ਅੱਜ ਸਰਕਾਰੀ ਮਦਦ ਨਾਲ ਪ੍ਰਮੁਖ ਗੁਰੂ ਘਰਾਂ ਤੇ ਉਹਨਾ ਸੰਪਰਦਾਈ ਧਿਰਾਂ ਦਾ ਕਬਜ਼ਾ ਕਰਵਾ ਦਿੱਤਾ ਗਿਆ ਜੋ ਸੰਗਤ ਨੂੰ ਗੁਰਬਾਣੀ ਦੀ ਵੱਖ-ਵੱਖ ਵਿਆਖਿਆ ਪ੍ਰਣਾਲੀਆਂ ਤੋਂ ਵਾਂਜਾ ਰੱਖ ਕੇ ਬ੍ਰਾਹਮਣਵਾਦੀ ਸੋਚ ਨੂੰ ਫੈਲਾ ਰਹੇ ਹਨ। ਜਿਸ ਤਰਾਂ ਗੋਦੀ-ਮੀਡੀਆ ਨੇ 'ਭਗਤਾਂ' ਦਾ ਦਿਮਾਗ ਖਾਲੀ ਕਰ ਦਿੱਤਾ ਹੈ, ਇਹ ਵਰਤਾਰਾ ਸਿੱਖਾਂ ਵਿੱਚ ਵੀ ਵਰਤ ਰਿਹਾ ਹੈ। ਸਿੱਖਾ ਵਿੱਚ ਸੁਆਲ ਪੁਛਣ ਦੀ ਕਾਬਲੀਅਤ ਨੂੰ ਖਤਮ ਕਰਕੇ ਉਹਣਾ ਨੂੰ ਭਰਾ-ਮਾਰੂ ਫੋਜ ਬਣਾਇਆ ਜਾ ਰਿਹਾ ਹੈ।
ਪਰ ਮੰਨ ਲਉ ਕਿ ਸਿੱਖਾਂ ਨੂੰ ਅੱਜ ਆਪਣਾ ਰਾਜ ਮਿਲ ਜਾਵੇ। ਕਿ ਰਾਜਸੀ ਆਜ਼ਾਦੀ ਨਾਲ ਬ੍ਰਾਹਮਣਵਾਦੀ ਧਿਰਾਂ ਕੋਲੋਂ ਗੁਰੂ ਘਰ ਮੁਕਤ ਜੋ ਜਾਣਗੇ? ਅਠਾਰਵੀਂ ਸਦੀ ਵਿਚ ਸਿੱਖ ਰਾਜ ਸਮੇਂ ਵੀ ਐਸਾ ਨਾ ਹੋਇਆ। ਪ੍ਰਾਪੇਗੰਡਾ ਦਾ ਸ਼ਿਕਾਰ ਸਿੱਖਾਂ ਦਾ ਵੱਡਾ ਹਿੱਸਾ ਇਹਨਾ ਦੇ ਹੱਕ ਵਿਚ ਹੋ ਨਿਤਰੇਗਾ ਜੋ ਭਰਾ-ਮਾਰੂ ਜੰਗ ਦਾ ਕਾਰਨ ਬਣ ਸਕਦਾ ਹੈ।
1947 ਤੋਂ ਬਾਅਦ ਭਾਰਤ ਦੀ ਵਾਗਡੋਰ ਦਾ ਵਧ ਹਿੱਸਾ ਕਾਂਗਰਸ ਕੋਲ, ਅਤੇ ਪਾਕਿਸਤਾਨ ਵਿਚ ਮੁਸਲਿਮ ਲੀਗ ਕੋਲ ਇਸ ਕਰਕੇ ਗਿਆ ਕਿਉਂਕੀ ਇਹਨਾ ਨੇ ਖੁਦ ਨੂੰ ਅੰਗਰੇਜ਼ ਰਾਜ ਸਮੇਂ ਸਥਾਪਤ ਕਰ ਲਿਆ ਸੀ। ਜਦ ਸਿੱਖਾਂ ਨੂੰ ਰਾਜਸੀ ਅਜ਼ਾਦੀ ਮਿਲੇਗੀ ਤਾਂ ਸਿੱਖ ਰਾਜ ਦੀ ਵਾਗਡੋਰ ਵੀ ਉਸੇ ਜਥੇਬੰਦੀ ਕੋਲ ਜਾਵੇਗੀ ਜਿਹੜੀ ਪਹਿਲਾਂ ਤੋ ਸਥਾਪਤ ਹੋਵੇ। ਉਹ ਭਾਵੇਂ ਚੰਗੀ ਹੋਵੇ ਜਾਂ ਮਾੜੀ। ਇਸ ਸਭ ਦੀ ਤਿਆਰੀ ਹੁਣੇ ਕਰਨੀ ਬਣਦੀ ਹੈ। ਐਸੇ ਵਿਚ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਰਾਜਸੀ ਖੁਦ-ਮੁਖਤਿਆਰੀ ਤੋਂ ਪਹਿਲਾਂ ਸੰਵਾਦ ਰਾਂਹੀ ਧਾਰਮਕ ਖੁਦ-ਮੁਖਤਿਆਰੀ ਦਾ ਰਾਹ ਲਭਿਆ ਜਾਵੇ। ਜਿਸ ਸਹਾਰੇ ਰਾਜਸੀ ਅਜ਼ਾਦੀ ਨੂੰ ਸੰਭਾਇਆ ਜਾ ਸਕੇ, ਤਾਕਿ ਬਦਲਾਵ ਚੰਗਾ ਹੋਵੇ।
ਇਤਿਹਾਸਕ ਸਥਾਨ ਦੀ ਅਜ਼ਾਦੀ ਤੋਂ ਪਹਿਲਾਂ ਧਾਰਮਕ ਖੁਦ-ਮੁਖਤਿਆਰੀ ਜ਼ਰੂਰੀ
ਚਾਹੇ ਇੱਕ ਪਾਸੇ 2015 ਵਿਚ ਚੱਭੇ ਤੇ ਹੋਇਆ ਇਕੱਠ ਹੋਵੇ, 'ਫ੍ਰੀ ਅਕਾਲ ਤਖ਼ਤ’ ਦੇ ਉਪਰਾਲੇ ਹੋਣ ਅਤੇ ਪੰਥ ਸੇਵਕ ਦਾ 'ਅਕਾਲੀ ਜੱਥਾ' ਹੋਏ ਜਾਂ ਦੂਜੇ ਪਾਸੇ ਇਹਨਾ ਨੂੰ ਨਕਾਰਦੇ ਹੋਏ ਭਾਈ ਅਜਮੇਰ ਸਿੱਘ ਦੇ ਵਿਚਾਰ। ਇਹ ਸਭ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਇਤਿਹਾਸਕ ਸਥਾਨ ਦੀ ਅਜ਼ਾਦੀ ਨੂੰ ਮੁਖ ਰੱਖਕੇ ਕੀਤੇ ਗਏ ਹਨ। ਜਦ ਕਿ ਇਹ ਬਿਰਤਾਂਤ ਦੁਸ਼ਮਨ ਦੇ ਹੱਕ ਵਿੱਚ ਜਾਂਦਾ ਹੈ। ਕਿਉਂਕੀ ਸਰਕਾਰੀ ਧਿਰ ਲਈ ਸਥਾਨ ਤੇ ਕਬਜ਼ਾ ਕਰਨਾ ਹਮੇਸ਼ਾ ਹੀ ਸੋਖਾ ਹੁੰਦਾ ਹੈ। ਇਹ ਧਾਰਨਾ ਬਝਦੀ ਹੈ ਕਿ ਜਿਸਦੇ ਕਬਜ਼ੇ ਵਿਚ ਅਕਾਲ ਤਖ਼ਤ ਦਾ ਪਵਿੱਤਰ ਇਤਿਹਾਸਕ ਸਥਾਨ ਹੈ, ਪੰਥ ਦੀ ਵਾਗਡੋਰ ਉਸੇ ਦੇ ਹੱਥ ਵਿਚ ਹੈ। ਇਹ ਪੂਜਾਰੀ ਤੇ ਸਿਆਸਤ ਦੇ ਨਪਾਕ ਗਠਜੋੜ ਦੇ ਹੱਕ ਵਿਚ ਜਾਂਦਾ ਹੈ। ਜ਼ਰੂਰਤ ਇਸ ਬਿਰਤਾਂਤ ਤੋਂ ਮੁਕਤ ਹੋਣ ਦੀ ਹੈ- ਗੁਰੂ ਅਸਥਾਨਾਂ ਉੱਤੇ ਕਾਬਜ਼ ਹੋਣ ਨਾਲ ਅਕਾਲ ਤਖ਼ਤ ਨੂੰ ਅਪਣੇ ਅਧੀਨ ਕਰਨਾ ਨਹੀਂ ਹੈ ਕਿਉਂਕੀ ਮੀਰੀ-ਪੀਰੀ ਦਾ ਸਿਧਾਂਤ ਕਿਸੇ ਦਾ ਗੁਲਾਮ ਨਹੀਂ। ਗੁਰੂ ਸਾਹਿਬ ਦੇ ਸਤਾਰ੍ਹਵੀਂ ਸਦੀ ਦੇ ਲਾਸਾਨੀ ਇਤਿਹਾਸ ਦੇ ਬਾਵਜੂਦ ਸਿੱਖ ਕਿਉਂ ਨਹੀਂ ਇਸ ਨੂੰ ਸਮਝ ਪਾ ਰਹੇ?
ਅਠਾਰਵੀਂ ਸਦੀ ਵੇਲੇ ਸੰਘਰਸ਼ੀ ਸਿੱਖਾਂ ਦਾ ਆਪਣੇ ਧਾਰਮਕ ਸਥਾਨਾਂ ਦੀ ਸੁਰੱਖਿਆ ਦਾ ਮੁਖ ਬਿੰਦੂ ਮੁਗਲ-ਅਫ਼ਗਾਨ ਹਮਲਿਆਂ ਦੇ ਪ੍ਰਤੀਕਰਮ ਵਿਚੋਂ ਨਿਕਲਿਆ ਸੀ। ਜਦਕਿ ਸਤਾਰ੍ਹਵੀਂ ਸਦੀ ਵਿਚ ਗੁਰੂ ਸਾਹਿਬਾਨ ਵਲੋਂ ਗੁਰਮਤ ਸਿਧਾਂਤਾਂ ਨੂੰ ਸੰਸਥਾਪਕ ਰੂਪ ਦੇਕੇ ਸਿੱਖ ਸਮਾਜ ਨੂੰ ਪੂਜਾਰੀਵਾਦ ਤੋਂ ਮੁਕਤ ਕਰਵਾਉਣਾ ਸੀ। ਅਜੋਕਾ ਸਮਾਂ ਗੁਰੂ ਸਾਹਿਬਾਨ ਦੇ ਇਤਿਹਾਸ ਤੋਂ ਸੇਧ ਲੈਣ ਦੀ ਮੰਗ ਕਰਦਾ ਹੈ।
ਗੁਰੂ ਹਰਿ ਗੋਬਿੰਦ ਸਾਹਿਬ ਜੀ ਵਲੋਂ ਅਕਾਲ ਬੁੰਗੇ (ਅਕਾਲ ਤਖ਼ਤ) ਦੇ ਨਿਰਮਾਣ ਨੇ ਗੁਰੂ ਨਾਨਕ ਸਾਹਿਬ ਜੀ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਰੂਪਮਾਨ ਕੀਤਾ। ਪਰ ਜਲਦ ਹੀ ਛੇਵੇਂ ਪਾਤਸ਼ਾਹ ਨੇ ਸਿੱਖੀ ਦਾ ਕੇਂਦਰ ਕੀਰਤਪੁਰ ਸਥਾਪਤ ਕਰ ਦਿੱਤਾ। ਛੇਵੇਂ ਪਾਤਸ਼ਾਹ ਤੋਂ ਬਾਅਦ ਕੋਈ ਵੀ ਗੁਰੂ ਸਾਹਿਬਾਨ ਅਕਾਲ ਬੁੰਗੇ ਨਹੀਂ ਗਏ। ਇਸ ਉਪਰ ਸਰਕਾਰੀ ਧਿਰ ਦੀ ਮਦਦ ਨਾਲ ਪੂਜਾਰੀਆਂ ਦਾ ਕਬਜ਼ਾ ਗੁਰੂ ਕਾਲ ਵਿਚ ਹੀ ਹੋ ਗਿਆ ਸੀ। ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਅੰਮ੍ਰਿਤਸਰ ਪਹੁੰਚੇ ਤਾਂ ਪੂਜਾਰੀਆਂ ਨੇ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਲਏ। ਗੁਰੂ ਸਾਹਿਬ ਕਾਫ਼ੀ ਚਿਰ ਦਰਵਾਜ਼ੇ ਖੁਲਣ ਦੀ ਉਡੀਕ ਕਰਨ ਉਪਰੰਤ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਬਗੈਰ ਉਥੋਂ ਪਰਤ ਗਏ। ਉਹਨਾ ਸ਼ਸਤਰਧਾਰੀ ਸਿੱਖਾਂ ਨੂੰ ਕਿਸੀ ਤਰਾਂ ਨਾਲ ਜ਼ਬਰਦਸਤੀ ਕਾਬਜ਼ ਹੋਣ ਤੋਂ ਮਨਾ ਕਰ ਦਿੱਤਾ। ਜ਼ੋਰ ਨਾਲ ਆਰਜ਼ੀ ਤੌਰ ਤੇ ਕਾਬਜ਼ ਤਾਂ ਹੋਇਆ ਜਾ ਸਕਦਾ ਸੀ ਪਰ ਇਹ ਦੁਸ਼ਮਨ ਦੇ ਹੱਕ ਵਿਚ ਜਾਣਾ ਸੀ। ਕਿਉਂਕੀ ਇਸ ਨਾਲ ਪ੍ਰਭਾਵ ਇਹ ਹੀ ਜਾਣਾ ਸੀ ਕਿ ਗੁਰੂ ਵਾਸਤੇ ਇਤਿਹਾਸਕ ਸਥਾਨ ਤੇ ਕਾਬਜ਼ ਹੋਣਾ ਬਹੁਤ ਜ਼ਰੂਰੀ ਹੈ। ਪ੍ਰਿਥੀ ਚੰਦ ਦੀ ਔਲਾਦ ਵੀ ਸੰਗਤ ਵਿਚ ਇਹ ਹੀ ਪ੍ਰਭਾਵ ਪਾਉਣਾ ਚਾਹੁੰਦੀ ਸੀ, ਕਿ ਕਿਉਂਕੀ ਦਰਬਾਰ ਸਾਹਿਬ ਅਤੇ ਅਕਾਲ ਬੁੰਗੇ ਦਾ ਕਬਜ਼ਾ ਉਹਨਾ ਕੋਲ ਹੈ, ਇਸਲਈ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਉਹ ਹਨ। ਅੱਜ ਦੇ ਕਾਬਜ਼ ਹਾਕਮ ਵੀ ਤਾਂ ਇਹ ਹੀ ਦੱਸਣਾ ਚਾਹੁੰਦੇ ਹਨ। ਪਰ ਗੁਰੂਆਂ ਨੇ ਸਿਧਾਂਤ ਦੀ ਸਥਿਰਤਾ ਨੂੰ ਮੁਖ ਰੱਖਿਆ। ਗਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਅਨੰਦਪੁਰ ਦੀ ਧਰਤੀ ਦੇ ਪ੍ਰਗਟ ਕੀਤਾ, ਅਕਾਲ ਬੁੰਗੇ ਨਹੀਂ। ਪੰਜ ਪਿਆਰਿਆਂ ਨੂੰ ਇਸਦੀ ਜ਼ਿਮੇਵਾਰੀ ਸੋਂਪ ਕੇ, ਜਿਥੇ ਉਹਨਾ ਮਸੰਦਾ (ਪੂਜਾਰੀਆਂ) ਨੂੰ ਸੰਸਥਾਪਕ ਢੰਗ ਨਾਲ ਕੱਢ ਦਿੱਤਾ ਉਥੇ ਹੀ ਸਿਧਾਂਤ ਦੀ ਕਾਈਮੀ ਲਈ ਕਿਸੇ ਸਥਾਨ ਦੀ ਲਾਜ਼ਮੀਤਾ ਨੂੰ ਖੱਤਮ ਕਰ ਦਿੱਤਾ।
ਇਹ ਨਹੀਂ ਭੁਲਣਾ ਚਾਹੀਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਥੋੜੇ ਸਮੇਂ ਵਿਚ ਹੀ ਬੇਮਿਸਾਲ ਜਿਤਾਂ ਹਾਸਲ ਕੀਤੀਆਂ ਸਨ, ਜ਼ਾਲਮਾਂ ਨੂੰ ਮੋਤ ਦੇ ਘਾਟ ਉਤਾਰਿਆ ਅਤੇ ਪਹਿਲਾ ਖਾਲਸਾ ਰਾਜ ਸਥਾਪਤ ਕੀਤਾ। ਇਸ ਸਮੇਂ ਦੋਰਾਨ ਵੀ ਅਕਾਲ ਬੁੰਗਾ ਪੂਜਾਰੀਆਂ ਦੇ ਕੰਟਰੋਲ ਵਿਚ ਹੀ ਰਿਹਾ। ਬਾਬਾ ਜੀ ਇੱਕ ਵਾਰ ਵੀ ਅਕਾਲ ਬੁੰਗੇ ਨਹੀਂ ਗਏ।
ਜੇਕਰ ਸਤਵੇਂ, ਅਠਵੇਂ, ਨੌਵੇਂ ਅਤੇ ਦਸਵੇਂ ਪਾਤਸ਼ਾਹ ਅਤੇ ਫ਼ਿਰ ਬਾਬਾ ਬੰਦਾ ਸਿੰਘ ਬਹਾਦਰ ਵਿਚੋਂ ਕੋਈ ਵੀ ਅਕਾਲ ਬੁੰਗੇ ਨਹੀਂ ਗਿਆ, ਤਾਂ ਕਿ ਇਸ ਲੰਮੇ ਸਮੇਂ ਦੋਰਾਨ ਸਿੱਖ ਸੰਗਤ ਮੀਰੀ-ਪੀਰੀ ਨੂੰ ਸਮਰਪਿਤ ਨਹੀਂ ਸੀ? ਯਕੀਨਨ ਜਵਾਬ 'ਨਾਂ' ਵਿਚ ਹੋਵੇਗਾ ਕਿਉਂਕੀ ਜਿਸ ਸਥਾਨ ਤੇ ਮੀਰੀ ਪੀਰੀ ਦਾ ਸਿਧਾਂਤ ਰੂਪਮਾਨ ਕੀਤਾ ਉਹ ਚਾਹੇ ਸਿੱਖ ਵਿਰੋਧੀ ਤਾਕਤਾਂ ਦੇ ਹੱਥ ਰਿਹਾ ਹੋਵੇ ਪਰ ਮੀਰੀ ਪੀਰੀ ਦਾ ਸਿਧਾਂਤ ਪੰਥ ਦੀ ਹਮੇਸ਼ਾਂ ਅਗਵਾਈ ਕਰਦਾ ਰਿਹਾ ਸੀ। ਇਸ ਨੁਕਤੇ ਨੂੰ ਅਗਰ ਅਸੀਂ ਸਮਝ ਜਾਈਏ ਤਾਂ ਅਜੋਕੇ ਸਮੇਂ ਵਿਚੋਂ ਨਿਕਲਣ ਦਾ ਰਾਹ ਮਿਲ ਸਕਦਾ ਹੈ।
ਅੱਜ ਲੋੜ ਹੈ ਪੰਚ-ਪ੍ਰਧਾਨੀ ਨੂੰ ਰੂਪਮਾਨ ਕਰਦੀ ਸੰਸਥਾ ਸੁਰਜੀਤ ਕਰਨ ਦੀ, ਜੋ ਕਿਸੇ ਸਥਾਨ ਨਾਲ ਬੱਝੀ ਨਾ ਹੋਵੇ, ਤਾਂਕਿ ਰਾਜਸੀ-ਪੂਜਾਰੀ ਗਠਜੋੜ ਕਾਬਜ਼ ਨਾ ਹੋ ਸਕੇ। ਜ਼ਰੂਰਤ ਹੈ ਸਰਬੱਤ ਖਾਲਸਾ ਨੂੰ ਸੁਰਜੀਤ ਕਰਨ ਦੀ ਜੋ ਆਉਣ ਵਾਲੀ ਰਾਜਸੀ ਆਜ਼ਾਦੀ ਨੂੰ ਸੰਭਾਲੇ ਅਤੇ ਧਾਰਮਕ ਸਥਾਨਾ ਦੀ ਸੇਵਾ-ਸੰਭਾਲ ਗੁਰਮਤਿ ਆਸ਼ੇ ਅਨੁਸਾਰ ਕਰਨ ਲਈ ਕਾਬਲ ਹੋਵੇ।
ਸਰਬੱਤ ਖਾਲਸਾ ਦੀ ਕਾਈਮੀ ਪ੍ਰਾਥਮਿਕਤਾ ਹੋਵੇ
ਅੱਜ ਸਿੱਖ ਧਰਮ ਨੂੰ ਦੁਨਿਆ ਦਾ ਪੰਜਵਾਂ ਵੱਡਾ ਧਰਮ ਮਣਿਆ ਜਾਂਦਾ ਹੈ। ਸਿੱਖ ਦੁਨਿਆ ਦੇ ਹਰ ਦੇਸ਼ ਅਤੇ ਹਰ ਖਿੱਤੇ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਚਾਹੇ ਅਬਾਦੀ ਦਾ ਵੱਡਾ ਹਿੱਸਾ ਪੰਜਾਬ ਵਿਚ ਵੱਸਦਾ ਹੈ ਪਰ ਸਿੱਖ ਹੁਣ ਇੱਕ ਇਲਾਕੇ ਨਾਲ ਸੀਮਤ ਨਹੀਂ ਰਹੇ। ਹਰ ਦੇਸ਼ ਵਿਚ ਵੱਸਦੇ ਸਿੱਖਾਂ ਦੇ ਮੱਸਲੇ ਵੱਖ ਹਨ। ਕਿਸੇ ਇੱਕ ਜਗ੍ਹਾ ਨਾਲ ਸਬੰਧਿਤ ਜਥੇਬੰਦੀ ਜਾਂ ਪ੍ਰਬੰਧਕ ਕਮੇਟੀ ਸਰਬੱਤ ਖਾਲਸਾ ਦੀ ਨੁਮਾਇੰਦਗੀ ਨਹੀਂ ਕਰ ਸਕਦੀ। ਸਰਬੱਤ ਖਾਲਸਾ ਉਹੀ ਕਿਹਾ ਜਾ ਸਕਦਾ ਹੈ ਜੋ ਦੁਨਿਆ ਵਿਚ ਵੱਸਦੇ ਸਾਰੇ ਸਿੱਖਾਂ ਦੀ ਨੁਮਾਇੰਦਗੀ ਕਰੇ। ਅੱਜ ਸਿੱਖਾਂ ਦਾ ਚਾਹੇ ਹਰ ਧੜਾ, ਸੰਪਰਦਾਏ ਜਾਂ ਸ਼ਖਸ ਖੁਦ ਦੀ ਮਨੌਤਾਂ ਨੂੰ ਹੀ 'ਤੱਤ ਗੁਰਮਤਿ' ਮੰਨਦਾ ਹੈ, ਪਰ ਸਰਬੱਤ ਖਾਲਸਾ ਵੱਖ-ਵੱਖ ਵਿਚਾਰ ਰੱਖਣ ਵਾਲਿਆਂ ਲਈ ਸਾਂਝਾ ਮੰਚ ਹੋਣਾ ਚਾਹੀਦਾ ਹੈ। ਰਹਿਤ ਮਰਿਯਾਦਾ, ਨਿਤਨੇਮ ਦੀਆਂ ਬਾਣੀਆਂ ਵਰਗੇ ਵਿਵਾਦ ਅਤੇ ਭਰਮ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਤੋਂ ਟੁਟਣ ਕਾਰਨ ਹਨ।
ਗੁਰਿ ਪੂਰੈ ਸਭੁ ਭਰਮੁ ਚੁਕਾਇਆ ॥ (ਗੁਰੂ ਗ੍ਰੰਥ ਸਾਹਿਬ, ਮਹਲਾ ੫, ਅੰਗ 178)
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਾ ਗੁਰੂ ਮਣਨ ਵਾਲੇ ਅਤੇ ਖੰਡੇ-ਬਾਟੇ ਦੀ ਪਾਹੁਲ ਤੇ ਨਿਸ਼ਚਾ ਰਖਣ ਵਾਲੇ ਦੁਨਿਆ ਦੇ ਹਰ ਕੋਨੇ ਤੋਂ ਕਿਰਤੀ ਗੁਰਸਿੱਖਾਂ ਦੀਆਂ ਜਥੇਬੰਦੀਆਂ ਦਾ ਇੱਕ ਸਾਂਝਾ ਮੰਚ ਸਰਬੱਤ ਖਾਲਸਾ ਕਹਿਲਾ ਸਕਦਾ ਹੈ।
ਸਰਬੱਤ ਖਾਲਸਾ ਲਈ ਹੇਠ ਲਿੱਖੇ ਕੁਛ ਸੁਝਾਅ ਹਨ। ਇਹ ਚਰਚਾ ਨੂੰ ਹੋਰ ਚੰਗੇ ਤੇ ਸੁਧਰੇ ਸੁਝਾਵਾਂ ਵਲ ਤੋਰਨ ਲਈ ਹਨ:
ਸਰਬੱਤ ਖਾਲਸਾ ਪਾਰਦਰਸ਼ੀ ਵਿਧੀ-ਵਿਧਾਨ ਰਾਹੀਂ ਆਪਣੇ ਨੁਮਾਇੰਦੇ ਚੁਣੇ, ਜਿਹਨਾ ਦੀ ਗਿਣਤੀ ਖੇਤਰ ਅਤੇ ਖਿੱਤੇ ਦੀ ਮੰਗ ਅਨੁਸਾਰ ਨਿਰਧਾਰਤ ਹੋਵੇ ('ਫ੍ਰੀ ਅਕਾਲ ਤਖ਼ਤ’ ਦੇ ਸੁਝਾਅ ਅਨੁਸਾਰ ੫੦੦)। ਇਹ ਯਕੀਨੀ ਬਣਾਇਆ ਜਾਵੇ ਕਿ ਸਰਬੱਤ ਖਾਲਸਾ ਵਿੱਚ ਵੱਖ-ਵੱਖ ਸੂਬੇ ਅਤੇ ਖਿੱਤਿਆਂ ਦੇ ਮਾਹਰ ਔਰਤ-ਮਰਦ ਨੂਮਾਇੰਦਗੀ ਕਰਨ। ਜ਼ਰੂਰੀ ਖਿੱਤਿਆਂ ਦੀ ਚੋਣ ਕਰਕੇ ਉਹਨਾ ਦੇ ਨੂਮਾਇੰਦਿਆਂ ਦੀ ਸੰਖਯਾ ਰਾਂਖਵੀਂ ਰੱਖੀ ਜਾਵੇ , ਜਿਵੇਂ - ਸਿੱਖ ਮੱਸਲਿਆਂ ਦੇ ਸੰਘਰਸ਼ ਨਾਲ ਜੁੜੇ ਹੋਏ, ਧਰਮ ਪਰਚਾਰ ਅਤੇ ਸੇਵਾ ਵਿੱਚ ਉੱਗਾ ਯੋਗਦਾਨ ਪਾਉਣ ਵਾਲੇ, ਗੁਰਮਤ ਸੰਗੀਤ, ਇਤਿਹਾਸਕਾਰ, ਪਛੜੇ ਸਿੱਖਾਂ (ਜਿਵੇਂ ਸਿਕਲੀਗਰ) ਦੇ ਨੂਮਾਇੰਦੇ, ਸਾਹਿਤਕਾਰ, ਪੱਤਰਕਾਰ, ਵਿਗਿਆਨੀ, ਕਿਸਾਨੀ ਤੇ ਵਾਤਾਵਰਨਵਾਦੀ ਕਾਰਕੁਨ, ਮਨੁਖੀ ਹੱਕਾਂ ਲਈ ਲੜਨ ਵਾਲੇ ਵਕੀਲ, ਵਗੈਰਾ।
ਮਾਹਰ ਤੋਂ ਭਾਵ ਨਿਜੀ ਪ੍ਰਾਪਤੀ ਦੇ ਅਧਾਰ ਤੇ ਨਹੀਂ ਬਲਕਿ ਨਿਰਭਉ ਨਿਰਵੈਰ ਦੇ ਗੁਣਾ ਨਾਲ ਸਿੱਖ ਪੰਥ ਦੀ ਚੱੜਦੀ ਕਲਾ ਅਤੇ ਮਾਨਵ ਸਭਿਅਤਾ ਨੂੰ ਦਿੱਤੇ ਯੋਗਦਾਨ ਤੇ ਹੋਵੇ।
ਪ੍ਰਸ਼ਾਸਨਿਕ ਕਾਰਨਾ ਕਰਕੇ ਸਰਬੱਤ ਖਾਲਸਾ ਦੇ ਦਫ਼ਤਰ ਚਾਹੀਦੇ ਹੋਣਗੇ, ਪਰ ਇਹ ਦੋ ਤੋਂ ਵਧ ਹੋਣ ਅਤੇ ਕਿਸੇ ਇੱਕ ਦੇਸ਼ ਤੇ ਨਿਰਭਰ ਨਾ ਹੋਵੇ। ਜੇਕਰ ਸਰਕਾਰੀ ਦਖਲਅੰਦਾਜੀ ਕਾਰਨ ਕਿਸੇ ਦੇਸ਼ ਵਿਚ ਦਫ਼ਤਰ ਬੰਦ ਕਰਨਾ ਪਵੇ ਤਾਂ ਸਰਬੱਤ ਖਾਲਸਾ ਦੀ ਸੰਸਥਾ ਨੂੰ ਕੋਈ ਅਸਰ ਨਾ ਪਵੇ।
ਸਰਬੱਤ ਖਾਲਸਾ ਦੇ ੫੦੦ ਮੈਂਬਰ ਆਪਣੇ ਵਲੋਂ ਪੰਜ ਪਿਆਰਿਆਂ ਵਾਸਤੇ ਉਮੀਦਵਾਰਾਂ ਦੇ ਨਾਂ ਭੇਜਨ ਅਤੇ ਇਹਨਾ ਦਾ ਪੰਥ ਲਈ ਯੋਗਦਾਨ ਦਾ ਪੂਰਾ ਵੇਰਵਾ ਦੱਸਣ। ਫਿਰ ਇਹ ੫੦੦ ਮੈਂਬਰ ਹਰ ਇਕ ਉਮੀਦਵਾਰ ਦੀ ਯੋਗਤਾ ਅਤੇ ਦੱਸੇ ਵੇਰਵੇ ਅਨੁਸਾਰ ਉਹਨਾ ਨੂੰ ਪਾਰਦਰਸ਼ੀ ਤਰੀਕੇ ਨਾਲ ਰੇਟਿੰਗ ਦੇਣ। ਰੇਟਿੰਗ ਦੇ ਅਧਾਰ ਤੇ ਸਿਖਰ ਦੇ ੨੦ ਉਮੀਦਵਾਰਾਂ ਵਿਚੋਂ ਸਲਾਹਕਾਰ ਅਤੇ ਵਰਕਿੰਗ ਕਮੇਟੀ ਪੰਜ ਨੂੰ ਚੁਣੇ, ਇਹ ਹੀ ਪੰਜ ਪਿਆਰੇ ਹੋਣ। ਇਹ ਪੰਜ ਪਿਆਰੇ ਚਾਹੇ ਵੱਖ-ਵੱਖ ਖੇਤਰਾਂ ਤੋਂ ਹੋਣ, ਪਰ ਇਹਨਾ ਨੂੰ ਹੀ ਅਕਾਲ ਤਖ਼ਤ ਦੇ ਪੰਜ ਪਿਆਰੇ ਮੰਨਿਆ ਜਾਵੇ।
ਇਹ ਸਿਰਾਂ ਦੀ ਗਿਣਤੀ ਵਾਲੇ ਚੁਣਾਵ (election) ਨਹੀਂ ਬਲਕਿ ਯੋਗਤਾ ਅਤੇ ਮਿੱਤੇ ਮਾਪਦੰਡ ਦੇ ਅਧਾਰ ਤੇ ਚੋਣ (selection) ਹੋਵੇ। ਪਾਰਦਰਸ਼ੀ ਰੇਟਿੰਗ ਦਾ ਤਰੀਕਾ ਨਿਰਧਾਰਿਤ ਹੋਵੇ ਤਾਕਿ ਚੋਣ ਕਰਨ ਸਮੇਂ ਮੈਂਬਰਾਂ ਉੱਤੇ ਪੱਖਪਾਤ ਹਾਵੀ ਨਾ ਹੋਵੇ। ਅਗਰ ਪੰਜ ਪਿਆਰਿਆਂ ਵਿਚੋਂ ਘਟੋ-ਘਟ ਦੋ ਸਿੰਘਣੀਆਂ ਰਾਖਵੀਂ ਹੋਣ ਤਾਂ ਇਹ ਚੰਗਾ ਕਦਮ ਹੋਵੇਗਾ। ਸਾਰਾ ਕਾਰਜ ਨਿਰਧਾਰਤ ਮਾਪਦੰਡਾਂ ਅਤੇ ਕਾਰਜ ਪ੍ਰਣਾਲੀ ਵਿਚ ਚੱਲੇ ਇਸ ਲਈ ਤਿੰਨ ਮੈਂਬਰੀ ਜੁਡੀਸ਼ਲ ਕਮਿਸ਼ਨ ਬਣਾਈ ਜਾਵੇ।
ਸਭ ਮੈਂਬਰ, ਜੁਡੀਸ਼ਲ ਚਮਿਸ਼ਨ ਅਤੇ ਪੰਜ ਪਿਆਰਿਆਂ ਦਾ ਕਾਰਜ ਸਮਾਂ ਨਿਰਧਾਰਤ ਹੋਵੇ (ਜਿਵੇਂ ਪੰਜ ਸਾਲ)। ਇਸ ਨਿਰਧਾਰਤ ਸਮੇਂ ਉਪਰੰਤ ਸਾਰੇ ਮੈਂਬਰ ਦੋਬਾਰਾ ਚੁਣੇ ਜਾਣ। ਨਿਸ਼ਚਿਤ ਸਮਾਂ ਕਾਰਜ ਇਹਨਾ ਕਾਰਨਾ ਕਰਕੇ ਲਾਹੇਵੰਧ ਹੈ:
੧. ਨਵਾਂ ਹੁਨਰ ਅਤੇ ਨਵੇਂ ਸੁਝਾਅ ਦੇ ਮੌਕੇ ਬਹੁਤ ਵੱਧ ਜਾਂਦੇ ਹਨ।
੨. ਇਸ ਨਾਲ ਅਕਾਲ ਤਖ਼ਤ ਦੀ ਸੰਸਥਾ ਵਿਅਕਤੀ ਵਿਸ਼ੇਸ਼ ਦੇ ਪ੍ਰਭਾਵ ਅਧੀਨ ਨਹੀਂ ਆਵੇਗੀ।
੩. ਨਵੇਂ ਮੈਂਬਰਾਂ ਨੂੰ ਪੰਥ ਦੀ ਸੇਵਾ ਕਰਨ ਦਾ ਮੌਕਾ ਮਿਲਣ ਨਾਲ, ਸਰਬੱਤ ਖਾਲਸਾ ਦੀ ਸੰਸਥਾ ਪੰਥ ਨੂੰ ਵੱਖ-ਵੱਖ ਖਿੱਤਿਆਂ ਵਿਚ ਕਈ ਲੀਡਰ ਪੈਦਾ ਕਰਕੇ ਦੇਵੇਗੀ।
ਜ਼ਰੂਰਤ ਹੈ ਪੂਜਾਰੀ-ਸੱਤਾ ਦੇ ਗਠਜੋੜ ਵਲੋਂ ਖਿੱਚੀ ਲਕੀਰ (ਬਿਰਤਾਂਤ) ਤੋਂ ਮੁਕਤ ਹੋਕੇ ਸ਼ਬਦ-ਵਿਚਾਰ ਦੀ ਰੋਸ਼ਨੀ ਵਿਚ ਲੰਮੀ ਲਕੀਰ ਖਿੱਚਣ ਦੀ, ਜਿਸ ਨਾਲ ਥੋਪੀ ਗਈ ਲਕੀਰ ਆਪੇ ਛੋਟੀ ਹੋ ਜਾਵੇ। ਪੂਰੇ ਗੁਰੂ ਅੱਗੇ ਅਰਦਾਸ ਕਰਿਏ ਕਿ ਉਹ ਹਉਮੈ ਕਾਰਨ ਬਣੀਆਂ ਕੱਚ ਮਨੌਤਾਂ ਨੂੰ ਤੋੜਣ ਦਾ ਬਲ ਬਖਸ਼ੇ।
ਸਤਿਗੁਰੁ ਪੂਰਾ ਜੇ ਮਿਲੈ ਪਾਈਐ ਰਤਨੁ ਬੀਚਾਰੁ ॥
ਮਨੁ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰੁ ॥
ਮੁਕਤਿ ਪਦਾਰਥੁ ਪਾਈਐ ਅਵਗਣ ਮੇਟਣਹਾਰੁ ॥ (ਗੁਰੂ ਗ੍ਰੰਥ ਸਾਹਿਬ, ਮਹਲਾ ੧, ਅੰਗ 59)
ਗੁਰਪ੍ਰੀਤ ਸਿੰਘ ਜੀਪੀ
0 Comment(s)
Post a comment
29th March 2020
0
0
India’s Brutal Lockdown Is Going To Be More Lethal & Contagious Than Covid-19 Itself
What demonetization did to black money, lockdown will do to Coronavirus
6th March 2021
0
0
ਭੱਟਾਂ ਦੇ ਸਵਈਏ ਵਿਚ ਆਈ ਗੁਰੂ ਦੀ ਜਾਤ ਬਾਰੇ ਪਾਏ ਭੁਲੇਖੇ
ਸਮਾਜ ਵਿਚ ਪਰਵਾਨਿਤ ਹੋ ਚੁਕੀਆਂ ਜਾਤਾਂ ਬ੍ਰਾਹਮਣ ਨੇ ਨਹੀਂ ਬਣਾਈਆਂ, ਉਸਨੇ ਪਹਿਲਾਂ ਤੋਂ ਚਲੀ ਆ ਰਹੀ ਜਾਤਾਂ ਨੂੰ ਵਰਣ-ਵਿਵਸਥਾ ਵਿਚ ਘੜਕੇ ਊਂਚ-ਨੀਚ ਦੇ ਭੇਦ-ਭਾਵ ਦਾ ਮੱਕੜਜਾਲ ਬੁਣਿਆ ਹੈ
16th January 2022
0
0
Discourse on Two Narratives
Interaction between Gurpreet Singh GP and Dr Karminder Singh Dhillon for the benefit of readers.
25th April 2022
0
0
ਗੁਰੂ ਗ੍ਰੰਥ ਸਾਹਿਬ ਦੇ ਛਾਪੇ ਵਿਚ ਪਾਠ-ਭੇਦਾਂ ਦੀ ਸੁਧਾਈ ਕਦੋਂ ਹੋਵੇਗੀ ਅਤੇ ਕੌਣ ਕਰੇਗਾ?
'ਜੇਕਰ ਡਾਟਾ (data) ਕੰਪਿਊਟਰ ਵਿਚ ਵੀ ਛਾਪੇ ਦਿਆਂ ਗਲਤੀਆਂ ਵਾਲਾ ਸ਼ਾਮਲ ਹੋ ਗਿਆ ਤਾਂ ਇਹ ਅਸ਼ੁਧੀਆਂ ਅਗੇ ਤੋਂ ਅਗੇ ਚਲਦੀਆਂ ਜਾਣਗੀਆਂ ਜਿਸ ਨਾਲ ਵੱਡੀ ਹਾਨੀ ਹੋਣ ਦੀ ਸੰਭਾਵਨਾ ਹੈ।'
© 2022 Sikh Saakhi. All rights reserved
Technical Lead Amitoj Singh